ਛੋਟੇ ਸਾਹਿਬਜ਼ਾਦਿਆਂ ਦੇ ਸਰੀਰ ਦੀ ਰਾਖੀ ਇੱਕ ਬੱਬਰ ਸ਼ੇਰ ਨੇ 48 ਘੰਟੇ ਤਕ ਕਿਉ ਕੀਤੀ ? 99% ਸਿੱਖ ਨਹੀ ਜਾਣਦੇ

8 months ago
34

ਛੋਟੇ ਸਾਹਿਬਜ਼ਾਦਿਆਂ ਦੇ ਸਰੀਰ ਦੀ ਰਾਖੀ ਇੱਕ ਬੱਬਰ ਸ਼ੇਰ ਨੇ 48 ਘੰਟੇ ਤਕ ਕਿਉ ਕੀਤੀ ? 99% ਸਿੱਖ ਨਹੀ ਜਾਣਦੇ

ਦੀਵਾਨ ਟੋਡਰ ਮੱਲ ਇਤਿਹਾਸ ਦੀ ਉਹ ਮਹਾਨ ਸ਼ਖਸੀਅਤ ਹੈ, ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਫਰਜ਼ੰਦਾਂ ਦੇ ਸਸਕਾਰ ਲਈ ਜ਼ਮੀਨ ਖਰੀਦੀ। ਦੀਵਾਨ ਟੋਡਰ ਮੱਲ ਦੇ ਜਨਮ ਸਥਾਨ, ਖਾਨਦਾਨ, ਜੀਵਨ ਅਤੇ ਵਾਰਸਾਂ ਬਾਰੇ ਇਤਿਹਾਸ ਵਿੱਚ ਜ਼ਿਆਦਾ ਨਹੀਂ ਮਿਲਦਾ। ਕਈ ਵਿਦਵਾਨ ਦੀਵਾਨ ਟੋਡਰ ਮੱਲ ਸਰਹਿੰਦੀ ਨੂੰ ਅਕਬਰ ਦਾ ਵਿੱਤ ਮੰਤਰੀ ਦੀਵਾਨ ਟੋਡਰ ਮੱਲ ਹੋਣ ਬਾਰੇ ਭੁਲੇਖਾ ਖਾ ਜਾਂਦੇ ਹਨ। ਦੋਵਾਂ ਦੇ ਜੀਵਨ ਕਾਲ ਵਿੱਚ ਕਰੀਬ 125 ਸਾਲ ਦਾ ਫਰਕ ਹੈ।

ਦੀਵਾਨ ਟੋਡਰ ਮੱਲ ਗੁਰੂ ਘਰ ਦਾ ਸ਼ਰਧਾਲੂ ਸੀ। ਉਹ ਉਸ ਵੇਲੇ ਸਰਹਿੰਦ ਸੂਬੇ ਦਾ ਸਭ ਤੋਂ ਅਮੀਰ ਵਪਾਰੀ ਤੇ ਮੁਅੱਜ਼ਜ਼ ਦਰਬਾਰੀ ਸੀ। ਪਟਿਆਲਾ ਸਟੇਟ ਗਜਟੀਅਰ ਮੁਤਾਬਕ ਉਸ ਦਾ ਜੱਦੀ ਪਿੰਡ ਕਾਕੜਾ ਸੀ, ਜੋ ਸਮਾਣਾ-ਪਟਿਆਲਾ ਸੜਕ ’ਤੇ ਹੈ ਅਤੇ ਹੁਣ ਥਾਣਾ ਸਦਰ ਸਮਾਣਾ ਅਧੀਨ ਆਉਂਦਾ ਹੈ। ਉਸ ਦੇ ਜਨਮ ਤੋਂ ਪਹਿਲਾਂ ਹੀ ਉਸ ਦੇ ਪੁਰਖੇ ਕਾਰੋਬਾਰ ਕਾਰਨ ਪਿੰਡ ਛੱਡ ਕੇ ਸਰਹਿੰਦ ਵੱਸ ਗਏ ਸਨ। ਉਸ ਦੀ ਅਮੀਰੀ, ਸਰਕਾਰੀ ਪ੍ਰਭਾਵ ਅਤੇ ਸ਼ਾਨੋ-ਸ਼ੌਕਤ ਇਸ ਗੱਲ ਤੋਂ ਸਾਹਮਣੇ ਆਉਂਦੀ ਹੈ ਕਿ ਉਸ ਦੀ ਰਿਹਾਇਸ਼ (ਜਹਾਜ਼ ਹਵੇਲੀ) ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਮਹਿਲ ਦੇ ਬਿਲਕੁਲ ਨਜ਼ਦੀਕ ਸੀ।

ਸੰਨ 13 ਦਸੰਬਰ 1704 ਈ. ਨੂੰ ਵਜ਼ੀਰ ਖਾਨ ਦੇ ਹੁਕਮ ਨਾਲ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ। ਇਤਿਹਾਸ ਅਨੁਸਾਰ ਇਸ ਕਾਂਡ ਵਿੱਚ ਦੀਵਾਨ ਸੁੱਚਾ ਨੰਦ ਨੇ ਮਾੜਾ ਅਤੇ ਨਵਾਬ ਮਾਲੇਰਕੋਟਲਾ ਸ਼ੇਰ ਮੁਹੰਮਦ ਖਾਨ ਨੇ ਬਹੁਤ ਸ਼ਲਾਘਾਯੋਗ ਕਿਰਦਾਰ ਨਿਭਾਇਆ। ਹੋ ਸਕਦਾ ਹੈ ਕਿ ਗੁਰੂ ਘਰ ਦੇ ਪ੍ਰੇਮੀ ਦੀਵਾਨ ਟੋਡਰ ਮੱਲ ਅਤੇ ਹੋਰ ਪਤਵੰਤਿਆਂ ਨੇ ਵੀ ਵਜ਼ੀਰ ਖਾਨ ਨੂੰ ਸਮਝਾਇਆ ਹੋਵੇ ਪਰ ਪੱਥਰ ਦਿਲ ਸੂਬੇਦਾਰ ਨੇ ਕਿਸੇ ਦੀ ਨਾ ਸੁਣੀ। ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਡਰਦੇ ਮਾਰੇ ਕਿਸੇ ਦੀ ਇਹ ਹਿੰਮਤ ਨਾ ਪਈ ਕਿ ਉਨ੍ਹਾਂ ਦਾ ਵਿਧੀ ਪੂਰਵਕ ਸਸਕਾਰ ਕਰ ਸਕੇ। ਲੱਗਦਾ ਹੈ ਕਿ ਸੂਬੇਦਾਰ ਦਾ ਦਿਲ ਗੁਰੂਘਰ ਪ੍ਰਤੀ ਨਫਰਤ ਨਾਲ ਐਨਾ ਭਰਿਆ ਹੋਇਆ ਸੀ ਕਿ ਉਨ੍ਹਾਂ ਦੀ ਸ਼ਹੀਦੀ ਤੋਂ ਬਾਅਦ ਵੀ ਉਸ ਦਾ ਮਨ ਸ਼ਾਂਤ ਨਾ ਹੋਇਆ। ਉਹ ਪਵਿੱਤਰ ਦੇਹਾਂ ਦਾ ਵੀ ਅਪਮਾਨ ਕਰਨਾ ਚਾਹੁੰਦਾ ਸੀ। ਉਸ ਦੀ ਇੱਛਾ ਸੀ ਕਿ ਸਿੱਖ ਰਹੁ ਰੀਤਾਂ ਮੁਤਾਬਕ ਉਨ੍ਹਾਂ ਦਾ ਸਸਕਾਰ ਨਾ ਹੋ ਸਕੇ। ਉਸ ਨੇ ਹੁਕਮ ਜਾਰੀ ਕਰ ਦਿੱਤਾ ਕਿ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦਾ ਸਸਕਾਰ ਕਿਸੇ ਸ਼ਮਸ਼ਾਨਘਾਟ ਵਿੱਚ ਨਾ ਕੀਤਾ ਜਾਵੇ। ਇਹ ਵੀ ਹੋ ਸਕਦਾ ਹੈ ਕਿ ਜਦੋਂ ਦੀਵਾਨ ਟੋਡਰ ਮੱਲ ਨੇ ਤਰਲੇ-ਮਿੰਨਤਾਂ ਕਰ ਕੇ ਦੇਹਾਂ ਪ੍ਰਾਪਤ ਕੀਤੀਆਂ ਹੋਣ ਤਾਂ ਕਿਸੇ ਸੁੱਚਾ ਨੰਦ ਵਰਗੇ ਨੇ ਸੂਬੇਦਾਰ ਨੂੰ ਸਲਾਹ ਦਿੱਤੀ ਹੋਵੇ ਕਿ ਸੇਠ ਕੋਲ ਬਹੁਤ ਪੈਸਾ ਹੈ। ਜੇ ਉਸ ਨੇ ਸਸਕਾਰ ਕਰਨਾ ਹੈ ਤਾਂ ਉਸ ਨੂੰ ਜਗ੍ਹਾ ਖਰੀਦਣੀ ਚਾਹੀਦੀ ਹੈ।

ਸਰਕਾਰੀ ਕਹਿਰ ਦੇ ਡਰ ਕਾਰਨ ਸਰਹਿੰਦ ਦੇ ਕਿਸੇ ਜ਼ਿੰਮੀਦਾਰ ਦੀ ਜ਼ਮੀਨ ਦੇਣ ਦੀ ਹਿੰਮਤ ਨਾ ਪਈ। ਅਖੀਰ ਇੱਕ ਜ਼ਿਮੀਦਾਰ ਚੌਧਰੀ ਅੱਤਾ ਜ਼ਮੀਨ ਵੇਚਣ ਲਈ ਰਾਜ਼ੀ ਹੋ ਗਿਆ ਪਰ ਉਸ ਨੇ ਵੀ ਰੱਜ ਕੇ ਦੀਵਾਨ ਦੀ ਮਜਬੂਰੀ ਦਾ ਫਾਇਦਾ ਉਠਾਇਆ। ਉਸ ਨੇ ਸ਼ਰਤ ਰੱਖੀ ਕਿ ਜੇ ਜ਼ਮੀਨ ਚਾਹੀਦੀ ਹੈ ਤਾਂ ਉਸ ਦੀ ਕੀਮਤ ਸੋਨਾ ਵਿਛਾ ਕੇ ਦੇਣੀ ਪਵੇਗੀ। ਕਈ ਤਾਂ ਕਹਿੰਦੇ ਹਨ ਕਿ ਉਸ ਨੇ ਸੋਨੇ ਦੇ ਸਿੱਕੇ ਖੜੇ ਕਰ ਕੇ ਕੀਮਤ ਲਈ ਸੀ। ਉਸ ਵੇਲੇ ਸੋਨੇ ਦੀ ਅਸ਼ਰਫੀ ਦਾ ਸਾਈਜ਼ ਕਰੀਬ ਸਵਾ ਇੰਚ ਅਤੇ ਭਾਰ ਕਰੀਬ ਇੱਕ ਤੋਲਾ (10 ਗ੍ਰਾਮ) ਹੁੰਦਾ ਸੀ। ਸਾਹਿਬਜ਼ਾਦਿਆਂ ਦੇ ਸਸਕਾਰ ਕਰੀਬ 7800 ਅਸ਼ਰਫੀਆਂ (78 ਕਿਲੋ ਸੋਨਾ) ਵਿਛਾਈਆਂ ਗਈਆਂ ਹੋਣਗੀਆਂ। ਜੇ ਅਸ਼ਰਫੀਆਂ ਖੜ੍ਹੇ ਰੁਖ ਰੱਖੀਆਂ ਗਈਆਂ ਹੋਣਗੀਆਂ ਤਾਂ 78000 ਦੇ ਕਰੀਬ ਅਸ਼ਰਫੀਆਂ (780 ਕਿਲੋ ਸੋਨਾ) ਵਿਛਾਉਣੀਆਂ ਪਈਆਂ ਹੋਣਗੀਆਂ। ਇਸ ਕਾਰਨ ਦੀਵਾਨ ਦੀ ਸਾਰੀ ਪੂੰਜੀ ਜ਼ਮੀਨ ਖਰੀਦਣ ਵਿੱਚ ਲੱਗ ਗਈ ਤੇ ਘਰ-ਬਾਰ ਗਹਿਣੇ ਪੈ ਗਿਆ। ਪਰ ਉਸ ਮਹਾਨ ਇਨਸਾਨ ਨੇ ਆਪਣੇ ਨੁਕਸਾਨ ਦੀ ਕੋਈ ਪ੍ਰਵਾਹ ਨਾ ਕੀਤੀ ਤੇ ਆਪਣੇ ਵਿਸ਼ਵਾਸ਼ ਨੂੰ ਡੋਲਣ ਨਾ ਦਿੱਤਾ। ਉਸ ਨੇ ਆਪਣਾ ਸਭ ਕੁਝ ਦਾਅ ’ਤੇ ਲਗਾ ਕੇ ਵੀ ਗੁਰੂ ਜੀ ਅਤੇ ਸਿੱਖੀ ਦੀ ਸੇਵਾ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਮਈ 1710 ਈ. ਵਿੱਚ ਸਰਹਿੰਦ ਫਤਿਹ ਕੀਤੀ ਤਾਂ ਉਨ੍ਹਾਂ ਨੂੰ ਵੀ ਦੀਵਾਨ ਟੋਡਰ ਮੱਲ ਦੀ ਇਸ ਕੁਰਬਾਨੀ ਬਾਰੇ ਪਤਾ ਸੀ। ਦੀਵਾਨ ਟੋਡਰ ਮੱਲ ਦੇ ਘਰ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ ਗਿਆ।

ਸੂਬਾ ਸਰਹਿੰਦ ਵਜ਼ੀਰ ਖਾਨ ਬਹੁਤ ਹੀ ਜ਼ਾਲਮ ਤੇ ਬੇਰਹਿਮ ਸੀ। ਉਸ ਨੇ ਬਾਬਾ ਮੋਤੀ ਰਾਮ ਮਹਿਰਾ ਦਾ ਸਾਰਾ ਪਰਿਵਾਰ ਸਿਰਫ ਇਸ ਲਈ ਵੇਲਣੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਸੀ ਕਿ ਉਸ ਨੇ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੀ ਠੰਢੇ ਬੁਰਜ ਵਿੱਚ ਦੁੱਧ ਨਾਲ ਸੇਵਾ ਕੀਤੀ ਸੀ। ਇਸ ਲਈ ਉਹ ਇਹ ਕਿਵੇਂ ਬਰਦਾਸ਼ਤ ਕਰ ਸਕਦਾ ਸੀ ਕਿ ਕੋਈ ਉਸ ਦੀ ਹੁਕਮ ਅਦੂਲੀ ਕਰ ਕੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦਾ ਸਸਕਾਰ ਕਰੇ। ਜਦੋਂ ਉਸ ਨੂੰ ਦੀਵਾਨ ਟੋਡਰ ਮੱਲ ਦੇ ਇਸ ਕਾਰਜ ਬਾਰੇ ਪਤਾ ਚੱਲਿਆ ਤਾਂ ਉਸ ਦਾ ਕਹਿਰ ਦੀਵਾਨ ’ਤੇ ਵੀ ਟੁੱਟ ਪਿਆ। ਉਸ ਨੇ ਦੀਵਾਨ ਟੋਡਰ ਮੱਲ ਨੂੰ ਬਿਲਕੁਲ ਬਰਬਾਦ ਕਰ ਦਿੱਤਾ। ਆਪਣੇ ਪਰਿਵਾਰ ਦੀ ਸੁਰੱਖਿਆ ਲਈ ਦੀਵਾਨ ਨੂੰ ਆਪਣਾ ਘਰ-ਬਾਰ ਅਤੇ ਕਾਰੋਬਾਰ ਛੱਡ ਕੇ ਇਤਿਹਾਸ ਦੇ ਹਨੇਰਿਆਂ ਵਿੱਚ ਗੁੰਮ ਹੋ ਜਾਣਾ ਪਿਆ। ਇਸ ਤੋਂ ਬਾਅਦ ਉਸ ਦੇ ਪਰਿਵਾਰ ਜਾਂ ਉਸ ਦੇ ਆਖਰੀ ਦਿਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਉਸ ਦੀ ਜਹਾਜ਼ ਹਵੇਲੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਤੋਂ ਬਾਅਦ ਸਿੱਖ ਮਿਸਲਾਂ ਦੇ ਸਰਹਿੰਦ ’ਤੇ ਹਮਲਿਆਂ ਦੌਰਾਨ ਪੂਰੀ ਇੱਜ਼ਤ ਬਖਸ਼ੀ ਗਈ। ਕਿਸੇ ਨੇ ਉਸ ਨੂੰ ਨੁਕਸਾਨ ਪਹੁੰਚਾਉਣ ਜਾਂ ਲੁੱਟਣ ਦੀ ਕੋਸ਼ਿਸ਼ ਨਹੀਂ ਕੀਤੀ। ਪਰ ਲਾਵਾਰਿਸ ਪਈ ਹਵੇਲੀ ਹੌਲੀ ਹੌਲੀ ਵਕਤ ਦੇ ਥਪੇੜਿਆਂ ਅਤੇ ਨਾਜਾਇਜ਼ ਕਬਜਿਆਂ ਕਾਰਨ ਢਹਿਣ ਲੱਗ ਪਈ। ਹੁਣ ਚੰਗੇ ਉਪਰਾਲੇ ਹੇਠ ਪੰਜਾਬ ਸਰਕਾਰ ਦੀ ਮਦਦ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਹਾਜ਼ ਹਵੇਲੀ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਹੈ। ਮਾਹਰ ਕਾਰੀਗਰ ਇਸ ਦੀ ਪੁਰਾਣੀ ਸ਼ਾਨ ਬਹਾਲ ਕਰਨ ਲਈ ਅਤਿ ਆਧੁਨਿਕ ਤਕਨੀਕਾਂ ਦੀ ਮਦਦ ਨਾਲ ਮੁੜ ਉਸਾਰੀ ਕਰ ਰਹੇ ਹਨ। ਸਿੱਖ ਪੰਥ ਵਿੱਚ ਦੀਵਾਨ ਟੋਡਰ ਮੱਲ ਦਾ ਬਹੁਤ ਸਤਿਕਾਰ ਹੈ। ਉਸ ਦੀ ਯਾਦ ਵਿੱਚ ਗੁਰਦੁਆਰਾ ਫਤਹਿਗੜ੍ਹ ਸਾਹਿਬ (ਸਰਹਿੰਦ) ਵਿਖੇ ਦੀਵਾਨ ਟੋਡਰ ਮੱਲ ਦੀਵਾਨ ਹਾਲ ਬਣਿਆ ਹੋਇਆ ਹੈ। ਗੁਰਦੁਆਰਾ ਫਤਹਿਗੜ੍ਹ ਸਾਹਿਬ ਅਤੇ ਗੁਰਦੁਆਰਾ ਜੋਤੀ ਸਰੂਪ ਵਿਚਲੀ ਸੜਕ ਦਾ ਨਾਮ ਦੀਵਾਨ ਟੋਡਰ ਮੱਲ ਮਾਰਗ ਹੈ। ਜੀਟੀ ਰੋਡ ਤੋਂ ਸਰਹਿੰਦ ਨੂੰ ਆਉਣ ਵਾਲੀ ਸੜਕ ’ਤੇ ਇੱਕ ਸ਼ਾਨਦਾਰ ‘ਦੀਵਾਨ ਟੋਡਰ ਮੱਲ ਸਵਾਗਤੀ ਦੁਆਰ’ ਵੀ ਉਸਾਰਿਆ ਗਿਆ ਹੈ। ਇਹ ਜ਼ਰੂਰੀ ਹੈ ਕਿ ਇਤਿਹਾਸਕਾਰ ਦੀਵਾਨ ਟੋਡਰ ਮੱਲ ਵਰਗੀ ਮਹਾਨ ਸ਼ਖਸੀਅਤ ਦੇ ਵਾਰਸਾਂ ਬਾਰੇ ਖੋਜ ਕਰ ਕੇ ਉਨ੍ਹਾਂ ਨੂੰ ਦੁਨੀਆਂ ਸਾਹਮਣੇ ਲਿਆਉਣ। ਇਹ ਉਸ ਨੇਕ ਇਨਸਾਨ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

Loading comments...